24 ਤੋਂ 30 ਅਪ੍ਰੈਲ ਤੱਕ ਮਨਾਇਆ ਜਾਵੇਗਾ "ਵਿਸ਼ਵ ਟੀਕਾਕਰਨ ਹਫ਼ਤਾ" :- ਸਿਵਲ ਸਰਜਨ
ਫਤਿਹਗੜ੍ਹ ਸਾਹਿਬ , 20 ਅਪ੍ਰੈਲ 2024 :
( ) ਗਰਭਵਤੀ ਮਾਵਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦਾ ਸੰਪੂਰਨ ਟੀਕਾਕਰਨ ਕਰਨਾ ਅਤੀ ਜਰੂਰੀ ਹੁੰਦਾ ਹੈ, ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਮਾਵਾਂ ਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ "ਵਿਸ਼ਵ ਟੀਕਾਕਰਨ ਹਫ਼ਤਾ" ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਐਕਸਪੈਂਡਿਡ ਪ੍ਰੋਗਰਾਮ ਆਨ ਇੰਮਨਾਈਜੇਸ਼ਨ ਦੇ 50 ਵਰ੍ਹੇ ਪੂਰੇ ਹੋਣ ਤੇ ਪੂਰੇ ਵਿਸ਼ਵ ਵਿਚ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹੇ ਭਰ ਵਿੱਚ ਤਿਆਰੀਆ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਹਨਾ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਪੈਂਦੇ ਖ਼ਾਸ ਤੌਰ ਤੇ ਸ਼ਹਿਰੀ ਅਤੇ ਪ੍ਰਵਾਸੀ ਵਸੋਂ ਵਾਲੇ ਹੋਰ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੋਪੜੀਆਂ, ਭੱਠਿਆਂ, ਪਥੇਰਾ ,ਗੁਜਰਾਂ ਦੇ ਡੇਰੇ ਤੇ ਹੋਰ ਅਪਾਹੁੰਚ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਜੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਆਊਟ ਰੀਚ ਕੈਂਪ ਲਗਾਏ ਜਾਣਗੇ। ਇਸ ਮੁਹਿੰਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਵਿੱਚ ਭਾਸ਼ਨ, ਚਾਰਟ ਮੇਕਿੰਗ ਮੁਕਾਬਲੇ, ਰੈਲੀਆਂ ਕਰਵਾਈਆਂ ਜਾਣਗੀਆਂ ਅਤੇ ਆਮ ਲੋਕਾਂ ਵਿੱਚ ਇਸ ਮੁਹਿੰਮ ਸੰਬੰਧੀ ਹੋਰ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਜਿਲ੍ਹਾ ਟੀਕਾਕਰਨ ਅਫ਼ਸਰ ਡਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਦਾ ਦਿਨ ਛੱਡ ਕੇ ਪੂਰਾ ਹਫਤਾ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਲੈਫਟ ਆਊਟ ਬੱਚਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ , ਨਿਰਧਾਰਤ ਟੀਕਾਕਰਨ ਸੂਚੀ ਤੋਂ ਇਲਾਵਾ ਮੀਜਲ ਅਤੇ ਰਬੇਲਾ ਦੇ ਟੀਕਾਕਰਨ ਦੀ ਦੂਸਰੀ ਖੁਰਾਕ ਦੀ 100ਪਤੀਸਤ ਕਵਰੇਜ ਕਰਨੀ ਯਕੀਨੀ ਬਣਾਈ ਜਾਵੇਗੀ ਅਤੇ 10 ਤੇ 16 ਸਾਲ ਦੇ ਪਰਵਾਸੀ ਬੱਚਿਆਂ ਨੂੰ ਟੀ.ਡੀ ਦਾ ਟੀਕਾ ਵੀ ਲਗਾਇਆ ਜਾਵੇਗਾ । ਇਸ ਮੁਹਿੰਮ ਸਬੰਧੀ ਪੈਰਾਮੈਡੀਕਲ ਸਟਾਫ ਵੱਲੋਂ ਫੀਲਡ ਵਿੱਚ ਹੈਡ ਕਾਂਊਂਟ ਕਰਨ ਲਈ
ਸਰਵੇ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੀ ਹਰ ਰੋਜ਼ ਰਿਪੋਰਟ ਗੂਗਲ ਸੀਟ ਤੇ ਕਰਨੀ ਯਕੀਨੀ ਬਣਾਈ ਜਾਵੇਗੀ।